ਚੰਡੀਗੜ੍ (ਇੰਦਰਜੀਤ ਸਿੰਘ ਚਾਹਲ) : ਪੁਲਵਾਮਾ 'ਚ ਅੱਤਵਾਦੀ ਹਮਲੇ ਸਬੰਧੀ ਸਿੱਧੂ ਦੇ ਬਿਆਨ 'ਤੇ ਵਿਰੋਧੀ ਧਿਰ ਨੇ ਸਵਾਲ ਚੁੱਕਦੇ ਹੋਏ ਕਾਫੀ ਹੰਗਾਮਾ ਕੀਤਾ।ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸੋਮਵਾਰ ਨੂੰ ਸਦਨ 'ਚ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਚ ਤੂ ਤੂ-ਮੈਂ ਮੈਂ ਹੋ ਗਈ। ਸਿੱਧੂ ਦੇ ਬਿਆਨ ਦੇ ਵਿਰੋਧ 'ਚ ਸ਼੍ਰੋਅਦ ਦੇ ਵਿਧਾਇਕ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ 'ਚ ਆਏ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਤੋਂ ਪਹਿਲਾਂ ਵਿਧਾਨਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਸ਼੍ਰੋਅਦ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾਉਣ ਦੀ ਮੰਗ ਕੀਤੀ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸ਼੍ਰੋਅਦ ਵਿਧਾਇਕਾਂ ਨੇ ਸਿੱਧੂ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ।ਸ਼੍ਰੋਅਦ ਵਿਧਾਇਕਾਂ ਨੇ ਸਿੱਧੂ ਤੇ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਬਿਕਰਮ ਸਿੰਘ ਮਜੀਠੀਆ ਨੇ ਸਿੱਧੂ 'ਤੇ ਜ਼ਬਰਦਸਤ ਹਮਲਾ ਬੋਲਿਆ। ਸਿੱਧੂ ਨੇ ਵੀ ਮਜੀਠੀਆ ਨੂੰ ਕਰਾਰਾ ਜਵਾਬ ਦਿੱਤਾ ਤੇ ਦੋਵਾਂ ਨੇਤਾਵਾਂ ਚ ਤਿੱਖੀ ਨੋਕ-ਝੋਕ ਹੋ ਗਈ।
ਨੌਬਤ ਇਕ-ਦੂਜੇ ਦੀ ਕੁੱਟਮਾਰ ਤਕ ਪਹੁੰਚ ਗਈ।ਅਕਾਲੀ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਚ ਆਏ। ਸਿੱਧੂ ਜਦੋਂ ਸਵਾਲ ਦਾ ਜਵਾਬ ਦੇਣ ਲੱਗੇ ਤਾਂ ਅਕਾਲੀਆਂ ਨੇ ਸਿੱਧੂ ਤੇ ਕਾਂਗਰਸ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਕਾਰਨ ਸਦਨ 'ਚ ਕਾਫੀ ਦੇਰ ਤਕ ਹੰਗਾਮਾ ਹੁੰਦਾ ਰਿਹਾ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪਤੀ ਦੇ ਬਚਾਅ ਵਿਚ ਆ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਦੋ ਦੇਸ਼ਾਂ ਵਿਚਾਲੇ ਹੋਣ ਵਾਲੀ ਜੰਗ ਨੂੰ ਗਲਤ ਠਹਿਰਾਇਆ ਹੈ, ਨਾ ਕਿ ਅੱਤਵਾਦ ਖ਼ਿਲਾਫ਼ ਲੜਾਈ ਨੂੰ। ਐਤਵਾਰ ਸ਼ਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਇਕ ਪ੍ਰੋਗਰਾਮ ਵਿਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।
ਨਵਜੋਤ ਸਿੰਘ ਸਿੱਧੂ ਤਾਂ ਖੁਦ ਫੌਜ ਵਿਚ ਭਰਤੀ ਹੋਣਾ ਚਾਹੁੰਦੇ ਸਨ। ਉਹ ਕਦੇ ਅਜਿਹੀ ਗੱਲ ਨਹੀਂ ਕਹਿਣਗੇ, ਜਿਸ ਨਾਲ ਫੌਜ ਤੇ ਦੇਸ਼ ਦੀ ਬਦਨਾਮੀ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕ੍ਰਿਕਟ ਖੇਡਦਿਆਂ ਪਾਕਿਸਤਾਨ ਨੂੰ ਹਮੇਸ਼ਾ ਆਪਣਾ ਦੁਸ਼ਮਣ ਸਮਿਝਆ ਹੈ, ਹੁਣ ਕਿਵੇਂ ਦੋਸਤ ਮੰਨ ਸਕਦੇ ਹਨ। ਉਨ੍ਹਾਂ ਦਾ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਕਿ ਲੜਾਈ ਹਰ ਮਸਲੇ ਦਾ ਹੱਲ ਨਹੀਂ ਹੈ।ਨਵਜੋਤ ਕੌਰ ਨੇ ਕਿਹਾ ਕਿ ਘਾਟੀ ਦੇ ਨੌਜਵਾਨ ਅੱਤਵਾਦ ਦਾ ਰਸਤਾ ਕਿਉਂ ਅਖਤਿਆਰ ਕਰ ਰਹੇ ਹਨ, ਇਸ ਲਈ ਸਾਰੀਆਂ ਪਾਰਟੀਆਂ ਨੂੰ ਮੰਥਨ ਕਰਨਾ ਚਾਹੀਦਾ ਹੈ। ਸਮੱਸਿਆ ਦਾ ਹੱਲ ਕੇਵਲ ਉਨ੍ਹਾਂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਹੋ ਸਕਦਾ ਹੈ। ਸਾਡੀ ਇੰਟੈਲੀਜੈਂਸ ਕੋਲ ਹਮਲੇ ਦੀ ਇਨਪੁੱਟ ਨਹੀਂ ਸੀ। ਇਹ ਸਾਡੀ ਇੰਟੈਲੀਜੈਂਸ ਦੀ ਅਸਫਲਤਾ ਹੈ। ਇੰਨਾ ਵਿਸਫੋਟਕ ਇਕੱਠਾ ਕਿਵੇਂ ਹੋ ਗਿਆ।



