ਲੱਖਾਂ ਨੌਜਵਾਨ ਨੌਕਰੀਆਂ ਲਈ ਤਰਸੇ, ਪਰ ਕੈਪਟਨ ਸਰਕਾਰ ਮੰਤਰੀ ਵਿਧਾਇਕਾਂ ਦੇ ਧੀਆ ਪੁੱਤਰਾ ਨੂੰ ਨੌਕਰੀ ਦੇਣ ਵਿੱਚ ਰੁੱਝੀ

by vikramsehajpal

ਬੁਢਲਾਡਾ (ਕਰਨ) : ਪੰਜਾਬ ਵਿੱਚ ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੀ ਬਜਾਏ ਆਪਣੇ ਮੰਤਰੀ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆ ਦੇਣ ਵਿੱਚ ਰੁੱਝ ਗਈ ਹੈ। ਪਰ ਸੂਬੇ ਦੇ ਲੱਖਾਂ ਨੌਜਵਾਨ ਬੇਰੁਜ਼ਗਾਰ ਆਏ ਦਿਨ ਸੜਕਾ ਤੇ ਸੰਘਰਸ਼ ਕਰ ਰਹੇ ਹਨ ਇਨ੍ਹਾਂ ਵੱਲ ਧਿਆਨ ਕਿਉਂ ਨਹੀਂ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਕਹੇ। ਉਨ੍ਹਾਂ ਕਿਹਾ ਕਿ 2017 ਦੀਅਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਚ ਸਿਰਫ ਤਿੰਨ ਬੇਰੁਜ਼ਗਾਰ ਨੌਜਵਾਨ ਹੀ ਨਜ਼ਰ ਆਏ ਹਨ ਜਿਨ੍ਹਾਂ ਚ ਇਕ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਦਾ ਪੋਤਰਾ ਵੀ ਸ਼ਾਮਲ ਹੈ। ਮਾਘੀ ਨੇ ਕਿਹਾ ਕਿ ਲੋੜਵੰਦ ਨੌਜਵਾਨਾਂ ਨੂੰ ਦਰਕਿਨਾਰ ਕਰਕੇ ਰੱਜੇ ਪੁੱਜੇ ਕਾਂਗਰਸੀ ਲੀਡਰਾਂ ਦੇ ਲੜਕਿਆਂ ਨੂੰ ਉੱਚ ਅਹੁਦਿਆਂ ਦੀ ਨੌਕਰੀਆਂ ਨਿਵਾਜਾਂ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਸ ਪੱਖਪਾਤੀ ਰਵੱਈਏ ਦਾ ਵੱਡਾ ਸਿਆਸੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਪਰਮਹੰਸ ਬੰਟੀ ਰੋਮਾਣਾ ਦੀ ਸੁਚੱਜੀ ਅਗਵਾਈ ਹੇਠ ਸੂਬੇ ਦੇ ਸਮੂਹ ਨੌਜਵਾਨਾਂ ਨੂੰ ਪੱਖਪਾਤ ਰਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਆਪਣਾ ਭਵਿੱਖ ਸੰਵਾਰ ਸਕਣ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ, ਅਕਾਲੀ ਦਲ ਬੀਸੀ ਸੈੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਸੈਣੀ ਝੰਡਾ, ਸੁਰਜੀਤ ਸਿੰਘ ਟੀਟਾ, ਕੋਸਲਰ ਕਾਲੂ ਮਦਾਨ, ਨਗਰ ਕੋਸਲ ਦੇ ਸਾਬਕਾ ਪ੍ਰਧਾਨ ਕਾਕਾ ਕੋਚ ਆਦਿ ਹਾਜਰ ਸਨ।

ਫੋਟੋ: ਬੁਢਲਾਡਾ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਆਗੂ