ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਖੁਸ਼ੀ ’ਚ ਸੁਰਜੀਤ ਧੀਮਾਨ ਨੇ ਲੱਡੂ ਵੰਡਦਿਆਂ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਖੁਸ਼ੀ ’ਚ ਖੀਵੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ’ਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਵਿਚ ਲੱਡੂ ਵੀ ਵੰਡੇ ਹਨ। ਸੁਰਜੀਤ ਧੀਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਪਾਰਟੀ ਨੇ ਇਹ ਫੈਸਲਾ ਕਾਫੀ ਦੇਰੀ ਨਾਲ ਲਿਆ ਹੈ ਉਨ੍ਹਾਂ ਨੂੰ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਸੀ, ਫਿਰ ਵੀ ਦੇਰ ਆਏ ਦਰੁਸਤ ਆਏ।

ਧੀਮਾਨ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਸਨ ਕਿ ਪਾਰਟੀ ਉਨ੍ਹਾਂ ਨੂੰ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿਚ ਕੋਈ ਸਿਸਟਮ ਨਾ ਹੋਵੇ, ਸੱਚ ਦੀ ਸੁਣਵਾਈ ਨਾ ਹੋਵੇ, ਇਮਾਨਦਾਰ ਵਿਅਕਤੀ ਦੀ ਕੋਈ ਪੁੱਛ ਨਾ ਹੋਵੇ, ਇਮਾਨਦਾਰ ਵਿਅਕਤੀ ਨੂੰ ਪਿੱਛੇ ਧੱਕਿਆ ਜਾਂਦਾ ਹੋਵੇ ਉਸ ਪਾਰਟੀ ਵਿਚ ਰਹਿਣ ਦਾ ਕੋਈ ਫਾਇਦਾ ਨਹੀਂ।

ਪੰਜਾਬ ਦੀ ਜਨਤਾ ਜਾਣਦੀ ਹੈ ਕਿ ਰਾਜਾ ਵੜਿੰਗ ਕਿੰਨਾ ਭ੍ਰਿਸ਼ਟ ਵਿਅਕਤੀ ਹੈ। ਜਦੋਂ ਡਰੱਗ ਮਾਮਲੇ ਵਿਚ ਵੜਿੰਗ ਦਾ ਨਾਮ ਜੁੜਿਆ ਸੀ ਤਾਂ ਉਹ ਦੁਬਈ ਜਾ ਕੇ ਸੁਖਬੀਰ ਦੇ ਕਦਮਾਂ ਵਿਚ ਡਿੱਗ ਗਿਆ ਸੀ, ਅਜਿਹੇ ਲੋਕਾਂ ਦੇ ਹੱਥਾਂ ਵਿਚ ਕਾਂਗਰਸ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ। ਧੀਮਾਨ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਨੇ ਰੱਜ ਕੇ ਟਿਕਟਾਂ ਵੇਚੀਆਂ।