ਲੁਧਿਆਣਾ ਵਿਖੇ ਪਹੁੰਚੇ ਅਮਿਤ ਸ਼ਾਹ ਨੇ ਕੀਤੇ ਵੱਡੇ ਸਿਆਸੀ ਧਮਾਕੇ; ਪੰਜਾਬ ਬਾਰੇ ਕਹੀ ਇਹ ਵੱਡੀ ਗੱਲ

by jaskamal

ਨਿਊਜ਼ ਡੈਸਕ : ਲੁਧਿਆਣਾ ਵਿਖੇ ਭਾਜਪਾ ਦੀ ਰੈਲੀ ਕਰਨ ਪਹੁੰਚੇ ਆਪਣੇ ਪਹਿਲੇ ਪੰਜਾਬ ਦੌਰੇ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੱਡੇ ਹਮਲੇ ਬੋਲੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਸਿਰਫ ਕਾਂਗਰਸ ਹੀ ਸੀ ਜਿਸ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਦੁਬਾਰਾ ਵਿਰੋਧੀ ਆਏ ਤਾਂ ਫਿਰ ਤੋਂ ਅੱਤਵਾਦ ਜਿੰਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ, ਇਸ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਪੂਰੀ ਤਰ੍ਹਾਂ ਇਸ ਦੀ ਸੁਰੱਖਿਆ ਕਰੇ। ਕੋਈ ਲੱਚਰ ਸਰਕਾਰ ਪੰਜਾਬ ਦੀ ਸੁਰੱਖਿਆ ਨਹੀਂ ਕਰ ਸਕਦੀ। ਗ੍ਰਹਿ ਮੰਤਰੀ ਨੇ ਕਿਹਾ ਕਿ ਚਰਨਜੀਤ ਚੰਨੀ ਸਾਬ੍ਹ ਪੰਜਾਬ ਵਿਚ ਫਿਰ ਕਾਂਗਰਸ ਦੀ ਸਰਕਾਰ ਬਨਾਉਣ ਦਾ ਸੁਫ਼ਨਾ ਦੇਖ ਰਹੇ ਹਨ ਪਰ ਜਿਹੜਾ ਮੁੱਖ ਮੰਤਰੀ ਆਪਣੇ ਪ੍ਰਧਾਨ ਮੰਤਰੀ ਦਾ ਰੂਟ ਸੁਰੱਖਿਅਤ ਨਹੀਂ ਰੱਖ ਸਕਦਾ ਉਹ ਪੰਜਾਬ ਦੀ ਸੁਰੱਖਿਆ ਕਿਵੇਂ ਕਰ ਸਕਦਾ ਹੈ।

ਪੰਜਾਬ ਹਿੰਦੁਸਤਾਨ ਦਾ ਦਿਲ ਹੈ, ਪੰਜਾਬ ਤੋਂ ਬਿਨਾਂ ਦੇਸ਼ ਦਾ ਸਨਮਾਨ ਨਹੀਂ
ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਦਿਲ ਹੈ। ਪੰਜਾਬ ਤੋਂ ਬਿਨਾਂ ਦੇਸ਼ ਦਾ ਸਨਮਾਨ ਨਹੀਂ ਹੈ। ਦੇਸ਼ ਦਾ ਕੋਈ ਵੀ ਅਜਿਹਾ ਘਰ ਨਹੀਂ ਹੋਵੇਗਾ ਜਿੱਥੇ ਦਸਮ ਪਿਤਾ ਦੀ ਤਸਵੀਰ ਨਹੀਂ ਹੋਵੇਗੀ। ਪੰਜਾਬ ਦਾ ਮਤਲਬ ਹੀ ਅਗਵਾਈ ਕਰਨਾ ਹੈ। ਜਦੋਂ ਦੇਸ਼ ਅੰਦਰ ਭੁੱਖਮਰੀ ਸੀ ਤਾਂ ਉਦੋਂ ਪੰਜਾਬ ਨੇ ਦੇਸ਼ ਦੀ ਭੁੱਖ ਦੂਰ ਕੀਤੀ। ਹੁਣ ਵੀ ਪੰਜਾਬ ਦੇ ਹਰ ਘਰ 'ਚੋਂ ਸੁਰੱਖਿਆ ਫੋਰਸਾਂ ਵਿਚ ਨੌਜਵਾਨ ਤਾਇਨਾਤ ਹਨ। ਸਾਡੇ ਦੇਸ਼ ਦੀ ਹਰ ਸਰਹੱਦ ’ਤੇ ਪੰਜਾਬ ਦਾ ਪੁੱਤ ਤਾਇਨਾਤ ਹੈ।