ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਵਲੋਂ ਭਗਵੰਤ ਮਾਨ ਨਾਲ ਮੁਲਾਕਾਤ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੂੰ ਕਿਹਾ ਕਿ ਉਹ ਲੰਡਨ ਤੋਂ ਚੰਡੀਗੜ੍ਹ ਲਈ ਸਿੱਧੀਆਂ ਉਡਾਨਾਂ ਨੂੰ ਪ੍ਰਮੁੱਖ ਤਰਜੀਹ ਦੇ ਆਧਾਰ `ਤੇ ਸ਼ੁਰੂ ਕਰਨ ਲਈ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਮੁੱਦਾ ਉਠਾਉਣ। ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ `ਤੇ ਸਿਸ਼ਟਾਚਾਰ ਮੁਲਾਕਾਤ ਕਰਨ ਮੌਕੇ ਵਿਚਾਰ-ਵਟਾਂਦਰੇ ਦੌਰਾਨ, ਕੈਰੋਲਿਨ ਰੋਵੇਟ ਨੇ ਕਿਹਾ ਕਿ ਉਹ ਯਕੀਨੀ ਤੌਰ `ਤੇ ਉਡਾਨਾਂ ਸ਼ੁਰੂ ਕਰਨ ਦਾ ਇਹ ਮਾਮਲਾ ਬਰਤਾਨਵੀ ਹਾਈ ਕਮਿਸ਼ਨਰ ਕੋਲ ਉਠਾਉਣਗੇ ਤਾਂ ਜੋ ਤਾਂ ਜੋ ਯੂਕੇ 'ਚ ਵੱਸਦੇ ਪੰਜਾਬੀ ਪ੍ਰਵਾਸੀ ਲੋਕਾਂ ਤੋਂ ਇਲਾਵਾ ਯੂਕੇ ਦੇ ਗੁਆਂਢੀ ਰਾਜਾਂ ਵਸਦੇ ਲੋਕ ਵੀ ਪੰਜਾਬ ਤੇ ਯੂਕੇ ਦੀ ਨਿਰਵਿਘਨ ਯਾਤਰਾ ਕਰ ਸਕਣ।

ਚੰਡੀਗੜ੍ਹ ਤੇ ਲੰਡਨ ਵਿਚਕਾਰ ਤੁਰੰਤ ਸਿੱਧੇ ਹਵਾਈ ਸੰਪਰਕ ਦੀ ਲੋੜ `ਤੇ ਜ਼ੋਰ ਦਿੰਦਿਆਂ ਭਗਵੰਤ ਮਾਨ ਨੇ ਕੈਰੋਲਿਨ ਰੋਵੇਟ ਨੂੰ ਦੱਸਿਆ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਯੂਟੀ ਚੰਡੀਗੜ੍ਹ ਤੋਂ ਇਲਾਵਾ ਗੁਆਂਢੀ ਸੂਬਿਆਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਵਿਖੇ ਬੋਇੰਗ 777 ਵਰਗੇ ਵੱਡੇ ਅਤੇ ਚੌੜੇ ਹਵਾਈ ਜਹਾਜ਼ਾਂ ਨੂੰ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਕੈਟ-ਆਈ.ਆਈ.ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਹੋਣ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਬੰਧਨ ਲਈ ਨਵੀਨਤਮ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਨਾਲ ਲੈਸ ਹੈ।