2 ਸੀਟਾਂ ਜਿੱਤ ਕੇ ਬਾਦਲ ਪਰਿਵਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕ ਬੇਅਦਬੀ ਤੇ ਗੋਲੀਕਾਂਡ ਨੂੰ ਭੁੱਲ ਗਏ – ਦਾਦੂਵਾਲ
ਬਠਿੰਡਾ : ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਬੇਤੁਕਾ ਬਿਆਨਬਾਜ਼ੀ ਬੇਹੱਦ ਗੁੰਮਰਾਹਕੁਨ ਹੈ ਕਿਉਂਕਿ ਪੰਜਾਬ 'ਚੋਂ ਸਿਰਫ 2 ਸੀਟਾਂ ਜਿੱਤ ਕੇ ਬਾਦਲ ਪਰਿਵਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕ ਬੇਅਦਬੀ ਤੇ ਗੋਲੀਕਾਂਡ ਨੂੰ ਭੁੱਲ ਗਏ ਹਨ, ਜਦੋਂਕਿ ਬਾਦਲਾਂ ਨੂੰ ਛੱਡ ਕੇ ਪੰਜਾਬ 'ਚ ਬਾਕੀ ਥਾਈਂ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਹੈ। ਕਈ ਸੀਟਾਂ 'ਤੇ ਅਕਾਲੀ ਦਲ ਤੀਸਰੇ ਨੰਬਰ 'ਤੇ ਵੀ ਚਲਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪ੍ਰੈੱਸ ਨੋਟ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ 2015 'ਚ ਬਰਗਾੜੀ ਬੇਅਦਬੀ ਕਾਂਡ ਵੇਲੇ ਰੋਸ ਵਜੋਂ ਸੜਕਾਂ 'ਤੇ ਬੈਠੀ ਸੰਗਤ ਬਾਰੇ ਕਿਹਾ ਸੀ ਕਿ ਇਹ ਲੋਕ ਵਿਹਲੇ ਹਨ। ਜਿਨ੍ਹਾਂ ਨੂੰ ਘਰੇ ਕੋਈ ਕੰਮ ਨਹੀਂ ਹੈ, ਉਹ ਇਸ ਤਰ੍ਹਾਂ ਧਰਨੇ ਲਗਾਉਣ ਵਾਸਤੇ ਸੜਕਾਂ 'ਤੇ ਆ ਜਾਂਦੇ ਹਨ ਪਰ ਹੁਣ ਜਦੋਂ ਸੱਤਾ ਜਾਣ ਦਾ ਹੰਕਾਰ ਟੁੱਟਾ ਤਾਂ ਖੁਦ ਸੁਖਬੀਰ ਬਾਦਲ ਉਸੇ ਹਰੀਕੇ ਪੱਤਣ ਹੈੱਡ, ਡੀਸੀ ਫਿਰੋਜ਼ਪੁਰ ਦੀ ਕੋਠੀ ਦੇ ਮੂਹਰੇ ਧਰਨੇ 'ਤੇ ਬੈਠਾ ਸੀ। ਹੁਣ ਫਿਰ ਦੋ ਸੀਟਾਂ ਜਿੱਤ ਕੇ ਹੰਕਾਰ 'ਚ ਆਇਆ ਸੁਖਬੀਰ ਬਾਦਲ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਕਿ ਲੋਕ ਬੇਅਦਬੀ ਤੇ ਗੋਲੀਕਾਂਡ ਨੂੰ ਭੁੱਲ ਗਏ ਹਨ, ਜਦੋਂਕਿ ਇਨ੍ਹਾਂ ਘਟਨਾਵਾਂ ਦਾ ਦੁੱਖ ਅੱਜ ਵੀ ਸੰਗਤਾਂ ਦੇ ਮਨਾਂ 'ਚ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ ਪੁਰ 'ਚ ਕਾਂਗਰਸੀਆਂ ਨੇ ਹੀ ਘਬਾਇਆ ਨੂੰ ਹਰਾਇਆ, ਜਦੋਂ ਬਠਿੰਡਾ ਸੀਟ ਤੋਂ ਹਰਸਿਮਰਤ ਬਾਦਲ ਦੀ ਜਿੱਤ ਦਾ ਕਾਰਨ ਵੀ ਸੁਖਪਾਲ ਸਿੰਘ ਖਹਿਰਾ ਬਣਿਆ ਹੈ।



