ਕੈਪਟਨ ਨੇ ਸਿੱਧੂ ਖ਼ਿਲਾਫ਼ ਦਿੱਤਾ ਮੋਰਚਾ ਖੋਲ੍ਹ

by

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਬਾਰੇ ਜਲਦ ਰਾਹੁਲ ਗਾਂਧੀ ਨੂੰ ਮਿਲਣਗੇ। ਸਿੱਧੂ ਨਾਨ-ਪਰਫਾਰਮਿੰਗ ਮਿਨਿਸਟਰ ਹਨ। ਸ਼ਹਿਰਾਂ 'ਚ ਉਨ੍ਹਾਂ ਵੱਲੋਂ ਕੰਮ ਨਾ ਕੀਤੇ ਜਾਣ ਕਾਰਨ ਪਾਰਟੀ ਕਈ ਪ੍ਰਮੁੱਖ ਸ਼ਹਿਰਾਂ 'ਚ ਹਾਰ ਗਈ। ਬਠਿੰਡਾ ਤੇ ਗੁਰਦਾਸਪੁਰ ਸੀਟਾਂ 'ਤੇ ਕਾਂਗਰਸ ਦੀ ਹਾਰ ਲਈ ਸਿੱਧੂ ਦੀ ਬਿਆਨਬਾਜ਼ੀ ਵੀ ਜ਼ਿੰਮੇਵਾਰ ਹੈ। ਇਨ੍ਹਾਂ ਸੀਟਾਂ 'ਤੇ ਕਾਂਗਰਸ ਦੀ ਹਾਰ ਦਾ ਕਾਰਨ ਸਿੱਧੂ ਦਾ ਬਿਆਨ ਵੀ ਹੋ ਸਕਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨਾਨ-ਪਰਫਾਰਮਰ ਮੰਤਰੀ ਹਨ ਤੇ ਸਥਾਨਕ ਵਿਕਾਸ ਮੰਤਰੀ ਦੇ ਰੂਪ 'ਚ ਬਿਲਕੁਲ ਕੰਮ ਨਹੀਂ ਕੀਤਾ। 

ਇਸ ਲਈ ਉਨ੍ਹਾਂ ਦਾ ਵਿਭਾਗ ਬਦਲਿਆ ਜਾਵੇਗਾ। ਇਸ ਬਾਰੇ ਜਲਦ ਹੀ ਪਾਰਟੀ ਹਾਈਕਮਾਨ ਨੂੰ ਮਿਲਿਆ ਜਾਵੇਗਾ। ਕੈਪਟਨ ਨੇ ਕਿਹਾ, 'ਨਵਜੋਤ ਸਿੰਘ ਸਿੱਧੂ ਲਈ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਦਿਲ 'ਚ ਸਾਫਟ ਕਾਰਨਰ ਹੈ, ਪਰ ਉਹ ਸੂਬੇ ਦੇ ਹਿੱਤ ਲਈ ਮੇਰੀ ਗੱਲ ਨੂੰ ਸਮਝਣਗੇ।'ਮੁੱਖ ਮੰਤਰੀ ਅੱਜ ਆਪਣੇ ਪੁਰਾਣੇ ਬਿਆਨ ਤੋਂ ਪਲਟ ਗਏ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਸੀਟ 'ਤੇ ਹਾਰ ਦੇ ਮਾਮਲੇ 'ਚ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਚੋਣਾਂ ਤੋਂ ਪਹਿਲਾਂ ਕੈਪਟਨ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਸਾਫ ਕਿਹਾ ਸੀ ਕਿ ਜੇ ਕਿਸੇ ਸੀਟ 'ਤੇ ਲੀਡ ਘਟੀ ਤਾਂ ਮੰਤਰੀ ਤੇ ਵਿਧਾਇਕ ਨੂੰ ਖ਼ਮਿਆਜ਼ਾ ਭੁਗਤਨਾ ਪਵੇਗਾ।

ਮੁੱਖ ਮੰਤਰੀ ਨੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਹਾਰਨ 'ਤੇ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਆਪਣੇ ਥੋੜ੍ਹੇ ਕਾਰਜਕਾਲ 'ਚ ਸੰਸਦੀ ਹਲਕੇ ਲਈ ਕਾਫ਼ੀ ਕੰਮ ਕੀਤਾ, ਪਰ ਇਕ ਐਕਟਰ ਦੇ ਆਉਣ ਨਾਲ ਸਾਰਾ ਨੌਜਵਾਨ ਉਸ ਦੇ ਵੱਲ ਹੋ ਗਿਆ। ਇਹ ਦੁਖਦ ਹੈ। ਲਗਦਾ ਹੈ ਭਾਰਤੀ ਲੋਕਤੰਤਰ ਨੂੰ ਅਜੇ ਹੋਰ ਸੁਧਾਰਨ ਦੀ ਜ਼ਰੂਰਤ ਹੈ।