ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਭਾਵੇਂ ਦਿੱਤੇ ਗਏ ਸਮੇਂ ਅਨੁਸਾਰ ਦੇਰ ਨਾਲ ਆਏ, ਪਰ ਮਾਨ ਦਾ ਪ੍ਰਚਾਰ ਸੁਨਣ ਲਈ ਲੋਕ ਵੱਡੀ ਗਿਣਤੀ ਵਿਚ ਦੇਰ ਤਕ ਖੜ੍ਹੇ ਰਹੇ। ਭਗਵੰਤ ਮਾਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੋਕਾਂ ਨਾਲ ਅਨੇਕਾ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਿਸ਼ਵਾਸ ਖਾਤ ਕੀਤਾ ਹੈ, ਜਿਸ ਦਾ ਖੁਮਿਆਜ਼ਾ ਕਾਂਗਰਸੀ ਉਮੀਦਵਾਰਾਂ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
ਭਗਵੰਤ ਮਾਨ ਨੇ ਕਿਹਾ ਸੱਤਾ ਵਿਚ ਆਉਣ ਤੋਂ ਪਹਿਲਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਲੋਕਾਂ ਨਾਲ ਅਨੇਕਾ ਵਾਅਦੇ ਕੀਤੇ ਸਨ, ਪਰ ਕੈਪਟਨ ਦੀ ਸਰਕਾਰ ਦੇ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਇੰਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿਚ ਬਿਲਕੁਲ ਨਾਕਾਮ ਰਹੀ ਹੈ।ਉਨ੍ਹਾਂ ਕਿ ਪਰ ਲੋਕ ਹੁਣ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ। ਮਾਨ ਨੇ ਅਕਾਲੀ-ਭਾਜਪਾ ਪਾਰਟੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਸੂਬੇ ਵਿਚ ਸ੍ਰੀ ਗੁਰੂ ਗ੍ੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਪਰ ਬਾਦਲ ਪਰਿਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਬਚਾਉਣ ਵਿਚ ਲੱਗਾ ਰਿਹਾ।
ਉਨ੍ਹਾਂ ਕਿਹਾ ਸੂਬੇ ਵਿਚ ਬਾਦਲਾਂ ਦਾ ਖਾਤਮਾ ਹੋ ਚੁੱਕਾ ਹੈ, ਲੋਕ ਇੰਨ੍ਹਾਂ ਦੇ ਕਾਲੇ ਕਾਰੋਬਾਰਾਂ ਤੋਂ ਭਹਿਭੀਤ ਜਾਣੂ ਹੋ ਚੁੱਕੇ ਹਨ, ਜਿਸ ਕਰਕੇ ਲੋਕ ਬਾਦਲਾਂ ਦੇ ਉਮੀਦਵਾਰਾਂ ਨੂੰ ਮੂੰਹ ਨਹੀ ਲਗਾਉਣਗੇ। ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਤਾਂ ਕੇਵਲ ਲੋਕਾਂ ਦੀ ਚੋਣਾਂ ਸਮੇਂ ਹੀ ਯਾਦ ਆਉਦੀ ਹੈ। ਭਗਵੰਤ ਮਾਨ ਨੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਾਰੇ ਕਿਹਾ ਕਿ ਉਹ ਸਿਰਫ਼ ਕੁਰਸੀ ਦੇ ਭੁੱਖੇ ਹਨ, ਚੋਣਾਂ ਤੋਂ ਬਾਅਦ ਹਲਕੇ ਵਿੱਚ ਖਹਿਰਾ ਨਜ਼ਰ ਨਹੀ ਆਉਣਗੇ।ਉਨਾਂ ਕਿ ਵਿਰੋਧੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਦੂਰ ਹੋ ਕੇ ਸੂਬੇ ਦੀ ਤਰੱਕੀ ਲਈ ਆਪ ਉਮੀਦਵਾਰਾਂ ਦਾ ਸਾਥ ਦੇਣ।
ਉਮੀਦਵਾਰ ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਬਨਣ ਤੋਂ ਬਾਅਦ ਹਮੇਸ਼ਾ ਲੋਕ ਪੱਖੀ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਸੀਟ ਤੋਂ ਜਿੱਤ ਹਾਸਲ ਕਰਦੇ ਹਨ, ਤਾਂ ਉਹ ਬਠਿੰਡਾ ਦੀ ਨੁਹਾਰ ਬਦਲ ਦੇਣਗੇ ਅਤੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਇਸ ਮੌਕੇ ਹਲਕਾ ਇੰਚਾਰਜ ਗੁਰਪ੍ਰਰੀਤ ਸਿੰਘ ਭੁੱਚਰ, ਰਣਜੀਤ ਸਿੰਘ ਰੱਲਾ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਆਦਿ ਹਾਜ਼ਰ ਸਨ।



