ਮੌੜ ਮੰਡੀ : ਭਾਵੇਂ ਆਮ ਦਿਨਾਂ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਲੋਕਾਂ ਤੋਂ ਦੂਰੀ ਬਣਾਈ ਰੱਖਦੇ ਹਨ ਪਰ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਉਹ ਓਹੀ ਲੋਕਾਂ 'ਚ ਵਿਚਰਣ ਲੱਗਦੇ ਹਨ। ਅਜਿਹਾ ਹੀ ਕੁਝ ਮੌੜ ਮੰਡੀ ਵਿਖੇ ਦੇਖਣ ਨੂੰ ਮਿਲਿਆ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੋਟਾਂ ਮੰਗਣ ਦੇ ਨਾਲ-ਨਾਲ ਪਹਿਲੀ ਵਾਰ ਲੋਕਾਂ ਨਾਲ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ।
ਇਸ ਦੌਰਾਨ ਉਨ੍ਹਾਂ ਨੂੰ ਹਾਜ਼ਰ ਔਰਤਾਂ ਨੇ ਗੋਲ-ਗੱਪੇ ਖਾਣ ਲਈ ਪੁੱਛਿਆ ਤਾਂ ਉਨ੍ਹਾਂ ਸਟੇਜ ਤੋਂ ਹੀ ਔਰਤਾਂ ਨੂੰ ਕਿਹਾ,''ਚਲੋ ਹੁਣ ਰੇਹੜੀ 'ਤੇ ਚੱਲ ਕੇ ਗੋਲ-ਗੱਪੇ ਛਕਦੇ ਹਾਂ।'' ਇਸ ਦੌਰਾਨ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਸਮੇਤ ਕਈ ਆਗੂ ਤੇ ਔਰਤਾਂ ਗੋਲ ਗੱਪੇ ਵਾਲੀ ਰੇਹੜੀ 'ਤੇ ਪਹੁੰਚ ਗਏ ਪਰ ਹਰਸਿਮਰਤ ਕੌਰ ਬਾਦਲ ਆਪਣੀ ਕਾਰ ਵੱਲ ਤੁਰ ਪਏ।
ਲੋਕਾਂ ਨੇ ਉਨ੍ਹਾਂ ਨੂੰ ਜਾਂਦਾ ਵੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਗੋਲ ਗੱਪੇ ਖਾਣ ਲਈ ਬੁਲਾਇਆ। ਕਾਹਲੀ-ਕਾਹਲੀ ਵਿਚ ਹਰਸਿਮਰਤ ਬਾਦਲ ਨੇ ਇਕ ਗੋਲ-ਗੱਪਾ ਖਾਧਾ ਤੇ ਚੱਲਦੇ ਬਣੇ। ਉਥੇ ਮੌਜੂਦ ਔਰਤਾਂ ਦਾ ਕਹਿਣਾ ਸੀ ਸਿਆਸੀ ਆਗੂ ਗੋਲ ਗੱਪੇ ਤਾਂ ਖਾਂਦੇ ਹਨ ਪਰ ਰੇਹੜੀ ਤੋਂ ਨਹੀਂ ਫਾਈਵ ਸਟਾਰ ਹੋਟਲਾਂ ਤੋਂ।



