ਦੋਂਨੇ ਮੀਆਂ ਬੀਬੀ ਸੱਚੇ ਹਨ ਤਾਂ ਡੇਰਾ ਮੁਖੀ ਲਈ ਦਿਤੇ ਆਪਣੇ ਬਿਆਨ ਦੀ ਸਹੁੰ ਖਾਣ : ਖਹਿਰਾ

by

ਚੰਡੀਗੜ : ਅਕਾਲੀ ਦਲ ਦੇ ਪ੍ਰਧਾਨ ਤੇ ਐੱਮਪੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਦੇ ਬਿਆਨ 'ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਹ ਦੋਨੋਂ ਸੱਚੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਵਾਲੇ ਤੇ ਦਿਵਾਉਣ ਵਾਲਿਆਂ ਦਾ ਕੱਖ ਨਾ ਰਹੇ ਦੀ ਵੀ ਸਹੁੰ ਖਾਣ।ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਵੀ ਦੱਸਣ ਕਿ ਸਾਲ 2012 'ਚ ਡੇਰਾ ਮੁਖੀ ਖਿਲਾਫ਼ ਦਰਜ ਕੇਸ ਬਠਿੰਡਾ ਦੀ ਅਦਾਲਤ 'ਚ ਰੱਦ ਕਰਨ ਦੀ ਰਿਪੋਰਟ ਕਿਸ ਨੇ ਫਾਈਲ ਕਰਵਾਈ ਸੀ। 

ਉਨ੍ਹਾਂ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਲ ਕੇ ਸਿਆਸਤ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੇ ਚਾਰ ਮੈਂਬਰਾਂ ਵਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਨਾਲ ਸਹਿਮਤ ਨਾ ਹੋਣ ਅਤੇ ਡੀਜੀਪੀ ਨੂੰ ਚਿੱਠੀ ਲਿਖਣਾ ਇਕ ਸਾਜ਼ਿਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਨੁਸ਼ਾਸਨ ਫੋਰਸ ਹੁੰਦੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਡੀਜੀਪੀ ਜਾਂ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ, ਪਰ ਇਨ੍ਹਾਂ ਚਾਰ ਅਫ਼ਸਰਾਂ ਵਲੋਂ ਡੀਜੀਪੀ ਦੇ ਨਾਂ ਇਕ ਸਾਂਝੀ ਚਿੱਠੀ ਲਿਖੀ ਗਈ ਅਤੇ ਫਿਰ ਸਾਜ਼ਿਸ਼ ਤਹਿਤ ਚਿੱਠੀ ਲੀਕ ਕਰਵਾਈ ਗਈ ਹੈ ਤਾਂ ਜੋ ਬੇਦਅਬੀ ਤੇ ਬਹਿਬਲ ਕਲਾਂ ਕਾਂਡ 'ਚ ਦੋਸ਼ੀਆਂ ਨੂੰ ਲਾਭ ਮਿਲ ਸਕੇ। ਖਹਿਰਾ ਨੇ ਕਿਹਾ ਕਿ ਹੁਣ ਇਸ ਚਿੱਠੀ ਨੂੰ ਆਧਾਰ ਬਣਾ ਕੇ ਦੋਸ਼ੀ ਅਦਾਲਤ 'ਚ ਲਾਭ ਲੈਣ ਦਾ ਯਤਨ ਕਰਨਗੇ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹਿਬਲ ਕਲਾਂ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੇ ਸੌਦਾਗਰਾਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਦੋ ਸਾਲ ਹੋ ਗਏ ਸਰਕਾਰ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਮਾਮਲੇ 'ਚ ਜਾਂਚ ਨਹੀਂ ਕਰਵਾਈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਵਿਖੇ ਹੋਏ ਬੰਬ ਧਮਾਕੇ ਮਾਮਲੇ 'ਚ ਕਾਂਗਰਸ ਤੇ ਅਕਾਲੀ ਦਲ ਨੇ ਰਲ-ਮਿਲ ਕੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਭੰਡਿਆ ਤੇ ਦੋਸ਼ ਲਗਾਏ, ਪਰ ਕੈਪਟਨ ਨੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਜਾਂਚ ਲਈ ਇਸ ਪਾਸੇ ਇਕ ਕਦਮ ਨਹੀਂ ਪੁੱਟਿਆ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਤੇ ਧਮਕੀ ਦੇ ਰਿਹਾ ਹੈ ਕਿਉਂਕਿ ਸੁਖਬੀਰ ਨੂੰ ਪਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਪਿੱਠ 'ਤੇ ਹਨ ਤੇ ਉਹ ਗ੍ਰਿਫ਼ਤਾਰ ਨਹੀਂ ਕਰਨ ਦੇਣਗੇ।

More News

NRI Post
..
NRI Post
..
NRI Post
..