ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਿੱਧੂ ਵਲੋਂ ਉਨ੍ਹਾਂ ਦੀ ਪਤਨੀ ਟਿਕਟ ਨਾ ਦੇਣ 'ਤੇ ਲਗਾਤਾਰ ਜਤਾਈ ਜਾ ਰਹੀ ਨਰਾਜ਼ਗੀ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਵਲੋਂ ਚੋਣਾਂ ਤੋਂ ਠੀਕ ਇਕ ਦਿਨ ਪਹਿਲਾਂ ਆਪਣੀ ਸ਼ਿਕਾਇਤ ਕਰਨਾ ਜਾਇਜ ਨਹੀਂ ਹੈ, ਉਨ੍ਹਾਂ ਦੀ ਟਾਈਮਿੰਗ ਗਲਤ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਦੀ ਅਜਿਹੀ ਬਿਆਨਬਾਜ਼ੀ ਨਾਲ ਪਾਰਟੀ ਨੂੰ ਵੀ ਨੁਕਸਾਨ ਹੋ ਰਿਹਾ ਹੈ, ਜਿਸ ਦਾ ਹਾਈਕਮਾਂਡ ਵਲੋਂ ਨੋਟਿਸ ਲਿਆ ਗਿਆ ਹੈ।
ਚੋਣਾਂ ਤੋਂ ਬਾਅਦ ਹਾਈਕਮਾਂਡ ਵਲੋਂ ਇਸ ਬਾਰੇ ਲੋੜ ਅਨੁਸਾਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ ਤੇ ਉਸ ਨਾਲ ਕੋਈ ਮਤਭੇਦ ਨਹੀਂ ਹੈ, ਸ਼ਾਇਦ ਉਹ ਬਹੁਤ ਉਤਸ਼ਾਹੀ ਹੈ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਪਟਿਆਲਾ ਸਥਿਤ ਸਰਕਾਰੀ ਕਾਲਜ ਦੇ ਪੋਲਿੰਗ ਬੂਥ ਵਿਚ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਦੀ ਸੀਟ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣਗੇ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 13 ਸੀਟਾਂ 'ਤੇ ਵੀ ਜਿੱਤ ਹੋਵੇਗੀ ਤੇ ਕੇਂਦਰ ਵਿਚ ਯੂਪੀਏ ਦੀ ਸਰਕਾਰ ਬਣੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੁਪਹਿਰ ਸਮੇਂ ਪਟਿਆਲਾ ਪੁੱਜੇ। ਜਿਥੇ ਉਨ੍ਹਾਂ ਸਰਕਾਰੀ ਕਾਲਜ ਵਿਖੇ ਆਪਣੀ ਪਤਨੀ ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ, ਉਨਾਂ ਦਾ ਲੜਕਾ ਰਣਇੰਦਰ ਸਿੰਘ ਟਿਕੂ ਤੇ ਧੀ ਬੀਬਾ ਜੈਇੰਦਰ ਕੌਰ ਵੀ ਹਾਜ਼ਰ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੇ ਵੋਟਰ ਕਾਂਗਰਸ ਦੀਆਂ ਨੀਤੀਆਂ ਤੇ ਦੋ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ। ਚੋਣ ਪ੍ਰਚਾਰ ਦੋਰਾਨ ਉਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਅੱਜ ਵੀ ਲੋਕਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ।



