ਚੰਡੀਗੜ : ਹਰਿਆਣਾ 'ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਦੋਸਤੀ 'ਤੇ ਸੰਕਟ ਹੈ। ਹਰਿਆਣਾ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਟਿਕਟ ਦੀ ਦਾਅਵੇਦਾਰੀ ਜਤਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ 'ਤੇ ਦਬਾਅ ਵਧਾਇਆ ਹੈ, ਜਿਸ ਤਹਿਤ ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਉਸ ਦੇ ਮੱਦੇਨਜ਼ਰ ਨਹੀਂ ਲੱਗਦਾ ਕਿ ਭਾਜਪਾ ਹਰਿਆਣਾ 'ਚ ਅਕਾਲੀ ਦਲ ਨੂੰ ਜ਼ਿਆਦਾ ਤਰਜ਼ੀਹ ਦੇਵੇਗੀ। ਵਿਧਾਨ ਸਭਾ ਚੋਣਾਂ 'ਚ ਘੱਟ ਤੋਂ ਘੱਟ 30 ਸੀਟਾਂ ਛੱਡਣ ਦਾ ਅਕਾਲੀ ਦਲ ਦਾ ਦਬਾਅ ਜ਼ਿਆਦਾ ਹੀ ਵਧਿਆ ਤਾਂ ਦੋਵਾਂ ਪਾਰਟੀਆਂ ਦੀ ਦੋਸਤੀ 'ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਆਦਾ ਦਬਾਅ ਵਧਾਇਆ ਤਾਂ ਹਰਿਆਣਾ 'ਚ ਭਾਜਪਾ ਉਸ ਨਾਲ ਹੱਥ ਪਿੱਛੇ ਕਰਨ 'ਚ ਦੇਰ ਨਹੀਂ ਕਰੇਗੀ।
ਪੰਜਾਬ 'ਚ ਅਕਾਲੀ ਦਲ ਤੇ ਭਾਜਪਾ ਦਾ ਕਾਫੀ ਪੁਰਾਣਾ ਸਬੰਧ ਹੈ। ਲੋਕ ਸਭਾ ਚੋਣਾਂ 'ਚ ਜਦੋਂ ਅਕਾਲੀ ਦਲ ਨੇ ਹਰਿਆਣਾ 'ਚ ਚੋਣਾਂ ਲੜਨ ਦੀ ਰਣਨੀਤੀ ਤਿਆਰ ਕੀਤੀ ਸੀ, ਤਾਂ ਭਰੋਸਾ ਦਿਵਾਇਆ ਸੀ ਕਿ ਅਕਾਲੀ ਇਸ ਚੋਣਾਂ 'ਚ ਭਾਜਪਾ ਦਾ ਸਾਥ ਦੇਣਗੇ, ਇਸ ਕਾਰਨ ਅਕਾਲੀ ਦਲ ਲਈ ਵਿਧਾਨ ਸਭਾ ਚੋਣਾਂ 'ਚ ਕੁਝ ਸੀਟਾਂ ਛੱਡੀਆਂ ਜਾ ਸਕਦੀਆਂ ਹਨ। ਉਸ ਸਮੇਂ ਸੀਟਾਂ ਦੀ ਗਿਣਤੀ 'ਤੇ ਕੋਈ ਗੱਲਬਾਤ ਨਹੀਂ ਹੋਈ ਸੀ, ਪਰ ਹੁਣ ਅਕਾਲੀ ਦਲ ਨੇ ਹਰਿਆਣਾ 'ਚ ਘੱਟ ਤੋਂ ਘੱਟ 30 ਵਿਧਾਨ ਸਭਾ ਸੀਟਾਂ ਮੰਗੀਆਂ ਹਨ। ਹਰਿਆਣਾ 'ਚ ਭਾਜਪਾ ਲਈ ਅਕਾਲੀ ਦਲ ਦੀ ਪੁੱਛ-ਗਿੱਛ ਓਨੀ ਹੀ ਹੈ ਜਿੰਨੀ ਪੰਜਾਬ 'ਚ ਅਕਾਲੀ ਦਲ ਲਈ ਭਾਜਪਾ ਦੀ।
ਪੰਜਾਬ 'ਚ ਅਕਾਲੀ ਦਲ ਨੇ ਭਾਜਪਾ ਨੂੰ ਕਦੇ ਉਜਾਗਰ ਨਹੀਂ ਹੋਣ ਦਿੱਤਾ। ਇਸੇ ਫਾਰਮੂਲੇ 'ਤੇ ਹੁਣ ਭਾਜਪਾ ਹਰਿਆਣਾ 'ਚ ਚੱਲ ਰਹੀ ਹੈ ਤੇ ਅਕਾਲੀ ਦਲ ਨੂੰ ਉਸ ਦੀ ਮੰਗ ਅਨੁਸਾਰ ਕਿਸੇ ਵੀ ਹਾਲਤ 'ਚ 30 ਟਿਕਟਾਂ ਦੇਣ ਨੂੰ ਤਿਆਰ ਨਹੀਂ ਹੈ। ਭਾਜਪਾ ਦੇ ਸੂਬਾਈ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਸੱਚੀ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਉਸ ਲਈ ਪੰਜ ਸੀਟਾਂ ਛੱਡੀਆਂ ਜਾ ਸਕਦੀਆਂ ਹਨ। ਇਹ ਸੀਟਾਂ ਕਹਿੜੀਆਂ ਹਨ, ਇਸ ਦਾ ਫੈਸਲਾ ਵੀ ਭਾਜਪਾ ਖੁਦ ਹੀ ਕਰੇਗੀ।



