ਚੰਡੀਗੜ : ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਦੋ ਟੁੱਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਜਿਸ ਮੰਤਰੀ ਦੇ ਹਲਕੇ ਵਿਚ ਉਮੀਦਵਾਰ ਹਾਰਿਆਂ ਉਸ ਦੀ ਮੰਤਰੀ ਮੰਡਲ ਵਿਚੋਂ ਛੁੱਟੀ ਕਰ ਦਿੱਤੀ ਜਾਵੇਗੀ। ਇਹੀ ਨਹੀਂ ਵਿਧਾਇਕ ਦੀ ਟਿਕਟ 'ਤੇ ਵੀ ਸਵਾਲੀਆ ਨਿਸ਼ਾਨ ਲੱਗੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਕਾਂਗਰਸ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਫੈਸਲਾ ਲਿਆ ਗਿਆ ਹੈ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਲਈ ਇਹ ਫਾਰਮੂਲਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਹੈ।
ਕਾਂਗਰਸ ਹਾਈਕਮਾਨ ਦੇ ਫੈਸਲੇ ਅਨੁਸਾਰ ਜਿਹੜੇ ਮੰਤਰੀ ਆਪਣੇ ਹਲਕਿਆਂ ਵਿਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਸਫ਼ਲ ਰਹਿਣਗੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਿਹੜੇ ਕਾਂਗਰਸੀ ਵਿਧਾਇਕ ਆਪਣੇ ਹਲਕਿਆਂ ਵਿਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿਚ ਨਾਕਾਮ ਰਹਿਣਗੇ ਉਨ੍ਹਾਂ ਨੂੰ ਅਗਲੀ ਵਿਧਾਨ ਸਭਾ ਚੋਣ ਵਿਚ ਟਿਕਟਾਂ ਲਈ ਨਹੀਂ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵੱਖ-ਵੱਖ ਬੋਰਡਾਂ ਵਿਚ ਚੇਅਰਮੈਨ ਲਾਉਣ ਦੇ ਮਾਪਦੰਡ ਨੂੰ ਵੀ ਸਖ਼ਤ ਬਣਾਇਆ ਹੈ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਵਿਅਕਤੀਗਤ ਕਾਰਗੁਜਾਰੀ ਦੇ ਆਧਾਰ 'ਤੇ ਹੀ ਚੇਅਰਮੈਨ ਲਗਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਸਬੰਧ ਵਿੱਚ ਸੀਨੀਅਰਤਾ ਦੀ ਥਾਂ ਕਾਰਗੁਜ਼ਾਰੀ ਦਾ ਮਾਪਦੰਡ ਨਿਰਧਾਰਿਤ ਕੀਤਾ ਗਿਆ ਹੈ।ਮੁੱਖ ਮੰਤਰੀ ਅਨੁਸਾਰ ਇਹ ਫੈਸਲਾ ਪਾਰਟੀ ਵਿਚ ਕਾਰਗੁਜ਼ਾਰੀ 'ਤੇ ਆਧਾਰਤ ਸੱਭਿਆਚਾਰ ਪ੍ਰਫੁੱਲਿਤ ਕਰਨ ਅਤੇ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਨਾਮ ਦੇਣਾ ਹੈ ਜੋ ਹੇਠਲੇ ਪੱਧਰ 'ਤੇ ਆਪਣੀ ਕਾਰਗੁਜ਼ਾਰੀ ਦਿਖਾਉਣਗੇ।



