ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਲੈ ਕੇ ਇਕ ਅਜੀਬ ਮੁਸ਼ਕਲ ਖੜ੍ਹੀ ਹੋ ਗਈ ਹੈ। ਸੰਨੀ ਨੇ ਚੋਣ ਲਈ ਆਪਣਾ ਨਾਮਜ਼ਦਗੀ ਅਜੇ ਸਿੰਘ ਧਰਮਿੰਦਰ ਦਿਓਲ ਨਾਮ ਤੋਂ ਦਾਖਲ ਕਰਵਾਈ ਹੈ। ਅਜਿਹੇ 'ਚ ਭਾਜਪਾ ਆਗੂਆਂ ਨੂੰ ਲੱਗਦਾ ਹੈ ਕਿ ਕਿਤੇ ਵੋਟਰ ਉਨ੍ਹਾਂ ਦੇ ਨਾਂ ਨੂੰ ਲੈ ਕੇ ਧੋਖਾ ਨਾ ਖਾ ਜਾਣ। ਅਜਿਹੇ 'ਚ ਭਾਜਪਾ ਚੌਕਸ ਹੋ ਗਈ ਹੈ। ਭਾਜਪਾ ਈਵੀਐੱਮ 'ਤੇ ਸੰਨੀ ਦਿਓਲ ਨਾਂ ਲਿਖਵਾਉਣਾ ਚਾਹੁੰਦੀ ਹੈ।ਪਾਰਟੀ ਨੇ ਇਸ ਲਈ ਚੋਣ ਕਮਿਸ਼ਨ ਨਾਲ ਸਪੰਰਕ ਕੀਤਾ ਹੈ ਤੇ ਈਵੀਐੱਮ 'ਤੇ ਅਜੇ ਸਿੰਘ ਧਰਮਿੰਦਰ ਦਿਓਲ ਦੀ ਬਜਾਏ ਸੰਨੀ ਦਿਓਲ ਦਾਖਲ ਕਰਨ ਦੀ ਬੇਨਤੀ ਕੀਤੀ ਹੈ।
ਅਦਾਕਾਰ ਤੋਂ ਆਗੂ ਬਣੇ ਸੰਨੀ ਦਿਓਲ ਇਸ ਨਾਮ ਨਾਲ ਆਪਣੇ ਫੈਂਜ਼ 'ਚ ਜਾਣੇ ਜਾਂਦੇ ਹਨ। ਹਾਲਾਂਕਿ ਉਨ੍ਹਾਂ ਦੇ ਅਸਲੀ ਨਾਂ ਅਜੇ ਸਿੰਘ ਤੋਂ ਜਾਣੂ ਨਹੀਂ ਹੈ।ਚੋਣ ਕਾਨੂੰਗੋ ਨੇ ਕਿਹਾ ਕਿ ਭਾਜਪਾ ਨੇ ਇਸ ਲਈ ਹਲਫਨਾਮਾ ਦਿੱਤਾ ਹੈ ਕਿ ਅਜੇ ਸਿੰਘ ਧਰਮਿੰਦਰ ਦਿਓਲ ਦਾ ਪ੍ਰਚਲਿਤ ਨਾਂ ਸੰਨੀ ਦਿਓਲ ਹੈ। ਇਸ ਲਈ ਈਵੀਐੱਮ 'ਤੇ ਵੀ ਇਹੀ ਨਾਂ ਦਾਖਲ ਕੀਤਾ ਜਾਵੇ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਾਂ ਬਦਲਿਆ ਜਾ ਸਕਦਾ ਹੈ।
ਚੋਣ ਕਮਿਸ਼ਨ ਮੁਤਾਬਿਕ ਈਵੀਐੱਮ 'ਤੇ ਉਹ ਨਾਂ ਦਾਖਲ ਹੁੰਦਾ ਹੈ, ਜੋ ਵੋਟਰ ਸੂਚੀ 'ਚ ਦਰਜ ਹੋਵੇ। ਵੋਟਰ ਸੂਚੀ 'ਚ ਵੀ ਸੰਨੀ ਦਾ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਹੀ ਹੈ। ਅਜਿਹੇ 'ਚ ਭਾਜਪਾ ਦੀ ਬੇਨਤੀ 'ਤੇ ਕਮਿਸ਼ਨ ਕੀ ਰੁੱਖ ਅਪਨਾਉਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।



