ਐੱਸਏਐੱਸ ਨਗਰ : ਸ਼ਾਂਤਮਈ ਢੰਗ ਨਾਲ ਰਾਜਭਵਨ ਦਾ ਘਿਰਾਓ ਕਰਨ ਜਾ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ 'ਤੇ ਮੰਗਲਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਕਿਸਾਨ ਆਗੂ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਮੋਹਾਲੀ ਦੇ ਫੇਜ਼-8 ਸਥਿਤ ਦੁਸਿਹਰਾ ਗਰਾਊਂਡ ਵਿਖੇ ਇਕੱਠੇ ਹੋਏ। ਕਿਸਾਨ ਤੇ ਮਜ਼ਦੂਰ ਵੱਡੇ ਕਾਫ਼ਲੇ ਦੇ ਰੂਪ 'ਚ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ 'ਚ ਰਾਜਪਾਲ ਦੇ ਘਰ ਦਾ ਘਿਰਾਓ ਕਰਨ ਲਈ ਪੈਦਲ ਨਿਕਲ ਪਏ। ਵਾਈਪੀਐੱਚ ਚੌਕ ਤੋਂ ਅੱਗੇ ਚੰਡੀਗੜ੍ਹ-ਮੋਹਾਲੀ ਦੀ ਸਾਂਝੀ ਹੱਦ 'ਤੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਬੇਰੀਕੇਡ ਲਗਾ ਕੇ ਰੋਕ ਲਿਆ। ਚੰਡੀਗੜ੍ਹ ਪੁਲਿਸ ਨੇ ਬਿਨਾਂ ਕੋਈ ਚਿਤਾਵਨੀ ਦਿੰਦਿਆਂ ਪਾਣੀ ਦੀਆਂ ਬਾਛੜਾਂ ਸ਼ੁਰੂ ਕਰ ਦਿੱਤੀਆਂ।
ਜਦ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ 20 ਤੋਂ ਜ਼ਿਆਦਾ ਕਿਸਾਨ ਆਗੂਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਹਾਲੀ ਤੋਂ ਇਲਾਵਾ ਹੋਰਨਾਂ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਪਾਣੀ ਦੀਆਂ ਬਾਛੜਾਂ ਕਾਰਨ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ ਪਰ ਕਿਸਾਨ ਚੰਡੀਗੜ੍ਹ ਜਾਣ ਲਈ ਸੰਘਰਸ਼ ਕਰਦੇ ਰਹੇ। ਕਿਸਾਨਾਂ ਨੇ ਸਰਕਾਰ ਵਿਰੁੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਪੁਲਿਸ ਨੇ ਪਾਣੀ ਦੀ ਬਾਛੜ ਲਈ 6 ਗੱਡੀਆਂ ਲਗਾਈਆਂ ਸਨ।
ਗੱਡੀਆਂ 'ਚ ਪਾਣੀ ਖਤਮ ਹੋਣ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਸੜਕ 'ਤੇ ਧਰਨਾ ਲਾ ਦਿੱਤਾ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਇਸ ਮੌਕੇ ਮੋਹਾਲੀ ਪੁਲਿਸ ਦੇ ਕਈ ਥਾਣਿਆਂ ਦੇ ਮੁਖੀਆਂ ਦੇ ਨਾਲ-ਨਾਲ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਵੀ ਮੌਕੇ 'ਤੇ ਮੌਜੂਦ ਰਹੇ।ਇਸ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਤਨਾਮ ਸਿੰਘ ਨੇ ਮੰਗ ਕੀਤੀ ਕਿ ਸਾਲ 2017 ਵਿਚ ਬਣਾਇਆ ਨਿੱਜੀ ਅਤੇ ਸਰਕਾਰੀ ਜਾਇਦਾਦ ਰੋਕੂ ਐਕਟ ਤੁਰੰਤ ਰੱਦ ਕੀਤਾ ਜਵੇ। ਉਨ੍ਹਾਂ ਕਿਹਾ ਕਿ 2015 ਤੋਂ ਹੁਣ ਤਕ ਕਰੀਬ 4 ਲੱਖ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਗਈਆਂ ਹਨ ਪਰ ਖੇਤੀਬਾੜੀ ਨੂੰ ਉੱਨਤ ਕਰਨ ਲਈ ਸਰਕਾਰਾਂ ਕੋਲ ਕੋਈ ਨੀਤੀ ਨਹੀਂ ਹੈ, ਜਿਸ ਕਾਰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਹਾਲਤ ਵੀ ਮੰਦੀ ਹੋ ਰਹੀ ਹੈ।


