ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਹਮ ਮਹਿੰਦਰਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਿਨਾਂ ਕਾਰਨ ਮੁੱਖ ਮੰਤਰੀ ਤੇ ਸਰਕਾਰ 'ਤੇ ਬਿਆਨਬਾਜ਼ੀ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਪਿੱਠ 'ਚ ਛੁਰਾ ਮਾਰਨ ਦੀ ਕਾਰਵਾਈ ਦੱਸਿਆ ਹੈ।ਮਹਿੰਦਰਾ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਸਿੱਧੂ ਸਿਰਫ ਦੋ ਵਰ੍ਹਿਆਂ ਤੋਂ ਕਾਂਗਰਸ 'ਚ ਹਨ ਤੇ ਉਹ ਆਪਣੇ ਨਿਯਮ ਝਾੜ ਰਹੇ ਹਨ ਅਤੇ ਆਪਣਾ ਏਜੰਡਾ ਹੋਰਨਾਂ 'ਤੇ ਲਾਗੂ ਕਰ ਰਹੇ ਹਨ, ਜਿਸ ਦਾ ਹਾਈਕਮਾਂਡ ਨੂੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ, ਜਿਹੜੇ ਪਾਰਟੀ ਤੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਹੁਣ ਭਾਜਪਾ 'ਚ ਨਹੀਂ ਹਨ, ਸਗੋਂ ਕਾਂਗਰਸ ਪਾਰਟੀ 'ਚ ਹਨ, ਜਿੱਥੇ ਬਹੁਤ ਸਾਰੇ ਮੰਚ ਹਨ ਅਤੇ ਜੇਕਰ ਉਨ੍ਹਾਂ ਦੀ ਸੋਚ ਸਹੀ ਹੈ, ਤਾਂ ਪਾਰਟੀ ਨੂੰ ਨੁਕਸਾਨ ਪਹੁੰਚਾਏ ਅਤੇ ਉਸਦੀ ਪਿੱਠ 'ਚ ਖੰਜਰ ਮਾਰੇ ਬਗੈਰ, ਉਹ ਆਪਣੇ ਮੁੱਦਿਆਂ ਨੂੰ ਉਨ੍ਹਾਂ ਮੰਚਾਂ 'ਤੇ ਰੱਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀ ਦੋਵੇਂ ਪਾਰਟੀ ਹਾਈ ਕਮਾਂਡ ਵੱਲੋਂ ਨਿਯੁਕਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਸਾਰੇ ਮੰਤਰੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਇਕੱਲੇ ਮੁੱਖ ਮੰਤਰੀ ਦੀ। ਉਨ੍ਹਾਂ ਸਵਾਲ ਕੀਤਾ ਕਿ ਕਿਉਂ ਸਿੱਧੂ ਨੇ ਕਦੇ ਅਜਿਹੇ ਮੁੱਦਿਆਂ ਨੂੰ ਕੈਬਨਿਟ ਵਰਗੇ ਮੰਚ 'ਤੇ ਨਹੀਂ ਚੁੱਕਿਆ ਅਤੇ ਗਲਤ ਸਮੇਂ 'ਤੇ ਲੋਕਾਂ 'ਚ ਚਲੇ ਗਏ। ਸਿਹਤ ਮੰਤਰੀ ਨੇ ਕਿਹਾ ਕਿ ਉਹ ਕੈਬਨਿਟ ਦੇ ਹੋਰਨਾਂ ਸਾਥੀਆਂ ਨਾਲ ਪਾਰਟੀ ਹਾਈਕਮਾਨ ਨੂੰ ਸਿੱਧੂ ਨੂੰ ਪਾਰਟੀ ਦੇ ਅਕਸ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਲਿਖਣਗੇ। ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਿੱਧੂ ਚੋਣਾਂ ਤੋਂ ਸਿਰਫ ਦੋ ਦਿਨ ਪਹਿਲਾਂ ਇੰਨੇ ਅਹਿਮ ਸਮੇਂ 'ਤੇ ਬੋਲੇ ਜਿਸ ਦਾ ਉਦੇਸ਼ ਸਾਫ ਤੌਰ 'ਤੇ ਪਾਰਟੀ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਾਉਣਾ ਲੱਗਦਾ ਹੈ, ਜਦੋਂ ਪਾਰਟੀ 'ਚ ਹਰ ਕੋਈ ਪੰਜਾਬ 'ਚ ਮਿਸ਼ਨ-13 ਲਈ ਸਖ਼ਤ ਮਿਹਨਤ ਕਰ ਰਿਹਾ ਹੋਵੇ।



