ਸੋਨੀਆ, ਰਾਹੁਲ ਤੇ ਪ੍ਰਿਅੰਕਾ CWC ਦੀ ਮੀਟਿੰਗ ‘ਚ ਨਹੀਂ ਦੇਣਗੇ ਅਸਤੀਫਾ

by jaskamal

ਨਿਊਜ਼ ਡੈਸਕ : ਕਾਂਗਰਸ ਨੇ ਸਪੱਸ਼ਟ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਗਾਂਧੀ ਪਰਿਵਾਰ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਐਤਵਾਰ ਨੂੰ ਆਪਣੀ ਚੋਟੀ ਦੀ ਫੈਸਲਾ ਲੈਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਜਾਂ ਸੀਡਬਲਯੂਸੀ ਦੀ ਮੀਟਿੰਗ 'ਚ ਅਸਤੀਫਾ ਦੇਣਗੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ, "ਕਥਿਤ ਅਸਤੀਫੇ ਦੀ ਖਬਰ ਅਣਪਛਾਤੇ ਸਰੋਤਾਂ 'ਤੇ ਆਧਾਰਿਤ ਹੈ ਤੇ ਪੂਰੀ ਤਰ੍ਹਾਂ ਗੈਰ-ਵਾਜ਼੍ਹਬ ਤੇ ਝੂਠੀ ਹੈ।"

ਦਰਅਸਲ, ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਤੇ ਅੱਗੇ ਦੇ ਰਾਹ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਵੇਗੀ।ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਸ਼ਾਮ 4 ਵਜੇ ਸੀਡਬਲਯੂਸੀ ਦੀ ਬੈਠਕ ਬੁਲਾਈ ਹੈ। ਕਾਂਗਰਸ ਦੀ ਨੀਤੀ ਬਣਾਉਣ ਵਾਲੀ ਸਿਖਰਲੀ ਸੰਸਥਾ ਸੀਡਬਲਿਊਸੀ ਦੀ ਮੀਟਿੰਗ ਅਜਿਹੇ ਸਮੇਂ 'ਚ ਹੋਣ ਜਾ ਰਹੀ ਹੈ ਜਦੋਂ ਕਾਂਗਰਸ ਪੰਜਾਬ 'ਚ ਸੱਤਾ ਗੁਆ ਚੁੱਕੀ ਹੈ ਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ 'ਚ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਪਾਰਟੀ ਦੇ 'ਜੀ-23' ਗਰੁੱਪ ਦੇ ਕਈ ਨੇਤਾਵਾਂ ਨੇ ਵੀ ਬੈਠਕ ਕੀਤੀ, ਜਿਸ 'ਚ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਕਪਿਲ ਸਿੱਬਲ, ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸਾਬਕਾ ਰਾਜ ਸਭਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਰਹੇ ‘ਜੀ23’ ਦੇ ਆਗੂ ਸੀਡਬਲਿਊਸੀ ਦੀ ਮੀਟਿੰਗ ਵਿੱਚ ਚੋਣ ਹਾਰ ਦਾ ਮੁੱਦਾ ਉਠਾ ਸਕਦੇ ਹਨ ਅਤੇ ਪਾਰਟੀ ਸੰਗਠਨ ਵਿੱਚ ਜ਼ਰੂਰੀ ਬਦਲਾਅ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਆਪਣੀ ਪੁਰਾਣੀ ਮੰਗ ਨੂੰ ਉਠਾ ਸਕਦੇ ਹਨ। ਜੀ23 ਗਰੁੱਪ ਦੇ ਮੁੱਖ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਹਨ।