ਅੰਮਿ੍ਤਸਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸੰਸਾਰ ਦੇ ਉਚ ਅਹੁਦਿਆਂ 'ਤੇ ਪਹੁੰਚਣ ਲਈ ਹੰਭਲਾ ਮਾਰਨ ਦੀ ਲੋੜ ਹੈ, ਅੱਜ ਦਾ ਦਿਨ ਸੰਸਾਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ਅੱਜ ਦੇ ਦਿਨ 35 ਸਾਲ ਪਹਿਲਾਂ ਭਾਰਤ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਮੇਤ 37 ਦੇ ਕਰੀਬ ਗੁਰਦੁਆਰਾ ਸਹਿਬਾਨ 'ਤੇ ਹਮਲਾ ਕੀਤਾ। ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਤਮਸਤਕ ਕਰਨ ਆਈਆਂ ਸੰਗਤਾਂ ਨੂੰ ਜਿਸ ਵਿਚ ਬੱਚੇ, ਬਜ਼ੁਰਗ ਅਤੇ ਔਰਤਾਂਂ 'ਤੇ ਭਾਰਤੀ ਫੌਜ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਗੋਲ਼ੀਆਂ ਮਾਰੀਆਂ ਗਈਆਂ , 92 ਤੱਕ ਜ਼ਖ਼ਮੀ ਹੋਏ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਬਿਰਾਜਮਾਨ ਹਨ।
ਉਨ੍ਹਾਂ ਕਿਹਾ ਕਿ ਸਿੱਖ ਕੌਮ 'ਤੇ ਇਹ ਹਮਲਾ ਇਕ ਨਾਸੂਰ ਦੀ ਤਰ੍ਹਾਂ ਹੈ ਜਿਸ ਦੀ ਪੀੜ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਮਹਿਸੂਸ ਕਰਦੀ ਰਹੇਗੀ। ਭਾਰਤੀ ਫੌਜ ਵੱਲੋਂ ਇਸ ਹਮਲੇ ਦੌਰਾਨ ਲੁੱਟਿਆ ਕੀਮਤੀ ਖਜ਼ਾਨਾ ਵਾਪਸ ਨਹੀਂ ਕੀਤਾ ਗਿਆ। ਸਿੱਖਾਂ ਦਾ ਇਹ ਹੱਕ ਹੈ ਕਿ ਇਸ ਹਮਲੇ ਦਾ ਸੱਚ ਭਾਰਤ ਸਰਕਾਰ ਜਨਤਕ ਕਰੇ ਤਾਂ ਕਿ ਪਤਾ ਲੱਗੇ। ਇਸ ਸ਼ਹੀਦੀ ਦਿਹਾੜੇ ਮੌਕੇ ਸਮੂਹ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਅਤੇ ਕੌਮੀ ਮੁੱਦਿਆਂ ਨਾਲ ਸਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪ੍ਰੰਪਰਾ ਨੂੰ ਮਜ਼ਬੂਤ ਕਰਨ, ਜੋ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸਿੱਖ ਸੰਸਥਾਵਾ ਨੂੰ ਅੰਦਰੋਂ ਅਤੇ ਬਾਹਰੋਂ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਅਪਾਣੀਆਂ ਹੱਦਾਂ ਦੀ ਉਲੰਘਣਾ ਨਾ ਕਰਨ ਅਜਿਹੀਆਂ ਤਾਕਤਾਂ ਨੂੰ ਸਿੱਖ ਕੌਮ ਵੱਲੋਂ ਹੱਦਾਂ ਉਤੇ ਰੋਕਣਾ ਵੀ ਆਉਂਦਾ ਹੈ। ਕੇਂਦਰ ਅਤੇ ਪੰਜਾਬ ਪੱਧਰ ਦੀਆਂ ਕੁਝ ਅਜਿਹੀਆਂ ਹੀ ਤਾਕਤਾਂ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਉਹ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਮਸਲਿਆਂ ਵਿਚ ਦਖਲ ਅੰਦਾਜ਼ੀ ਕਰਕੇ ਪੰਜਾਬ ਦੇ ਮਾਹੌਲ 'ਚ ਬੇਲੋੜੀ ਭੜਕਾਹਟ ਕਰਨ ਦੀ ਤਾਂਕ ਵਿਚ ਰਹਿੰਦੀਆਂ ਹਨ ਸਾਨੂੰ ਇਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਸਿੱਖਾਂ ਕੋਲ ਆਪਣੀ ਰਾਖੀ ਕਰਨ ਦੇ ਨਾਲ ਨਾਲ ਹੋਰਨਾਂ ਨੂੰ ਸੁਰੱਖਿਆਂ ਦੇਣ ਵਾਲੀਆਂ ਜੋ ਮਹਾਨ ਇਤਿਹਾਸਕ ਪ੍ਰੰਪਰਾਵਾਂ ਮੌਜੂਦ ਹਨ , ਹਰ ਸਿੱਖ ਨੂੰ ਉਨਾਂ ਮਾਨਤਾਵਾਂ ਉਪਰ ਚੇਤਨ ਮਨ ਨਾਲ ਪਹਿਰੇਦਾਰੀ ਕਰਨ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਆਦਿ ਸ਼ਾਮਿਲ ਹੋਏ, ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਸਮਾਗਮ ਮੌਕੇ ਪਹੁੰਚੇ ਖਾਲਿਸਤਾਨੀ ਸਮਰਥਕ ਸਿਮਰਨਜੀਤ ਸਿੰਘ ਮਾਨ ਅਤੇ ਹੋਰਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖਾਲਿਸਤਾਨ ਦੀ ਮੰਗ ਰੱਖਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ, ਕੁੱਝ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਨਾਅਰੇ ਗੂੰਜਣ ਕਾਰਨ ਮਾਹੌਲ ਗਰਮ ਰਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮੌਕੇ ਗਰਮ ਖਿਆਲੀ ਹੈ ਅਤੇ ਸ਼੍ਰੋਮਣੀ ਕਮੇਟੀ ਵਿਚ ਕਿਸੇ ਕਿਸਮ ਦੀ ਤਕਰਾਰ ਨਾ ਹੋਵੇ ਇਸ ਲਈ ਪੁਲਿਸ ਬਲ ਵੀ ਸਾਦੇ ਕੱਪੜਿਆਂ ਵਿਚ ਤਾਇਨਾਤ ਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਪ੍ਰਬੰਧ ਕਰਕੇ ਅੱਜ ਦੇ ਇਸ ਸਮਾਗਮ ਨੂੰ ਸ਼ਾਂਤੀ ਪੂਰਵਕ ਸੰਪੰਨ ਕਰਵਾਇਆ ਗਿਆ।



